17 ਮਾਰਚ (ਆਸ਼ਾ ਸ਼ਰਮਾ) ਸਬ-ਡਵੀਜ਼ਨ ਦੇ ਪਿੰਡ ਰੁਕਨੇਵਾਲਾ (ਥਾਣਾ ਮੱਲਾਂ ਵਾਲਾ) ਤੋਂ ਲਗਭਗ 20 ਦਿਨ ਪਹਿਲਾਂ ਭੇਦਭਰੀ ਹਾਲਤ ਵਿਚ ਗਾਇਬ ਹੋਇਆ ਬੱਚਾ ਆਪਣੇ ਮਾਪਿਆਂ ਹੱਥੋਂ ਹੀ ਤੰਗ ਪ੍ਰੇਸ਼ਾਨ ਹੋ ਕੇ ਕਿਧਰੇ ਚਲਾ ਗਿਆ ਸੀ, ਇਸ ਸਾਰੇ ਮਾਮਲੇ ਦਾ ਇੰਕਸ਼ਾਫ ਬੱਚੇ ਨੇ ਪੁਲਿਸ ਵੱਲੋਂ ਕੀਤੀ ਗਈ ਮੁਸ਼ਤੈਦੀ ਮਗਰੋਂ ਬਰਾਮਦਗੀ ਉਪਰੰਤ ਪੁਲਿਸ ਅਧਿਕਾਰੀ ਅਤੇ ਮੀਡੀਆ ਕਰਮੀਆਂ ਸਾਹਮਣੇ ਕੀਤਾ। ਇਸ ਸੰਬੰਧੀ ਜ਼ੀਰਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਸੰਧੂ ਡੀ.ਐੱਸ.ਪੀ ਜ਼ੀਰਾ ਅਤੇ ਇੰਸਪੈਕਟਰ ਜਸਵੰਤ ਸਿੰਘ ਭੱਟੀ ਥਾਣਾ ਮੁਖੀ ਮੱਲਾਂ ਵਾਲਾ ਨੇ ਦੱਸਿਆ ਕਿ ਲੜਕੇ ਲਵਪ੍ਰੀਤ ਸਿੰਘ ਜਿਸ ਦੀ ਉਮਰ 12-13 ਸਾਲ ਹੈ ਦੀ ਮਾਤਾ ਜਸਵੀਰ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਪਿੰਡ ਰੁਕਨੇਵਾਲਾ ਨੇ ਪੁਲਿਸ ਪਾਸ ਸ਼ਿਕਾਇਤ ਦਰਜ਼ ਕਰਵਾਈ ਕਿ ਉਸ ਦੇ ਲੜਕੇ ਨੂੰ ਕੋਈ ਅਗਿਆਤ ਵਿਅਕਤੀ ਅਗਵਾ ਕਰਕੇ ਲੈ ਗਿਆ ਹੈ, ਜਿਸ ਸੰਬੰਧੀ ਪੁਲਿਸ ਨੇ ਥਾਣਾ ਮੱਲਾਂ ਵਾਲਾ ਵਿਖੇ ਆਈ.ਪੀ.ਸੀ–1860 ਐਕਟ ਦੀ ਧਾਰਾ 365 ਤਹਿਤ ਮੁਕੱਦਮਾ ਦਰਜ਼ ਕਰਕੇ ਲੜਕੇ ਦੀ ਭਾਲ ਜ਼ਾਰੀ ਕੀਤੀ ਅਤੇ ਜਦ ਪੁਲਿਸ ਅਧਿਕਾਰੀਆਂ ਨੂੰ ਬੱਚਾ ਬਰਾਮਦ ਹੋਇਆ ਤਾਂ ਬੱਚੇ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਤੀਜੀ ਜਮਾਤ ਤੱਕ ਪੜ੍ਹਿਆ ਹੋਇਆ ਹੈ ਅਤੇ ਅੱਗੇ ਪੜ੍ਹਨਾ ਚਾਹੁੰਦਾ ਹੈ ਪਰ ਉਸ ਦੇ ਮਾਪਿਆਂ ਨੇ ਉਸ ਨੂੰ 55000 ਰੁਪਏ ਸਲਾਨਾ ਤਨਖਾਹ 'ਤੇ ਇੱਕ ਘੜੇ ਵੇਚਣ ਵਾਲੇ ਕੋਲ ਲਗਾਇਆ ਹੋਇਆ ਹੈ। ਡੀ.ਐੱਸ.ਪੀ ਪਲਵਿੰਦਰ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਇਸ ਬੱਚੇ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਸਾਰੇ ਪੈਸੇ ਉਸ ਦੇ ਮਾਪੇ ਵਰਤ ਜਾਂਦੇ ਹਨ ਅਤੇ ਉਸ ਨੂੰ ਖਰਚਣ ਲਈ ਕੁਝ ਨਹੀਂ ਦਿੰਦੇ ਸਨ, ਸਗੋਂ ਝਿੜਕ-ਝੰਬ ਵੱਖਰੀ ਕਰਦੇ ਸਨ, ਜਿਸ ਕਰਕੇ ਇਨ੍ਹਾਂ ਤੋਂ ਪ੍ਰੇਸ਼ਾਨ ਹੋ ਕਿ ਉਹ ਕਿਧਰੇ ਚਲਾ ਗਿਆ ਸੀ, ਜਿਸ ਦੌਰਾਨ ਉਹ ਵੱਖ-ਵੱਖ ਥਾਈਂ ਕਈ ਲੋਕਾਂ ਦੇ ਸੰਪਰਕ ਵਿਚ ਆਇਆ ਪਰ ਉਸ ਨੇ ਕਿਸੇ ਨੂੰ ਆਪਣੇ ਬਾਰੇ ਸੱਚ ਨਹੀਂ ਦੱਸਿਆ। ਪਲਵਿੰਦਰ ਸਿੰਘ ਸੰਧੂ ਨੇ ਅੰਤ ਵਿਚ ਦੱਸਿਆ ਕਿ ਮਾਮਲਾ ਨਾਬਾਲਗ ਬੱਚੇ ਤੋਂ ਕੰਮ ਕਰਵਾਉਣ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸੀ ਤਾਂ ਪੁਲਿਸ ਨੇ ਮਾਪਿਆਂ ਨੂੰ ਇਤਲਾਹ ਦੇ ਕੇ ਬੱਚੇ ਨੂੰ ਬਾਲ ਭਲਾਈ ਕਮੇਟੀ ਫ਼ਿਰੋਜ਼ਪੁਰ ਦੇ ਪੇਸ਼ ਕੀਤਾ, ਜਿੱਥੇ ਉਨ੍ਹਾਂ ਦੀ ਟੀਮ ਨੇ ਬੱਚੇ ਅਤੇ ਮਾਪਿਆਂ ਦੀ ਕੌਂਸਲਿੰਗ ਕਰਕੇ ਬੱਚੇ ਨੂੰ ਮਾਪਿਆਂ ਦੇ ਸਪੁਰਦ ਕਰਨ ਦੀ ਹਦਾਇਤ ਕੀਤੀ ਅਤੇ ਬੱਚੇ ਦੇ ਮਾਪਿਆਂ ਨੂੰ ਕਿਹਾ ਕਿ ਉਹ ਬੱਚੇ ਨੂੰ ਸਕੂਲ ਦਾਖ਼ਲ ਕਰਵਾਉਣਗੇ ਅਤੇ ਭਵਿੱਖ ਵਿਚ ਇਸ ਤੋਂ ਬਾਲ ਮਜ਼ਦੂਰੀ ਨਾ ਕਰਵਾਉਣ ਲਈ ਪਾਬੰਦ ਰਹਿਣਗੇ |
